ਰਵਾਇਤੀ ਪ੍ਰਧਾਨ ਜਾਂ ਕਮੇਟੀ ਦੀ ਥਾਂ ਪੰਜ ਸਿੰਘਾਂ ਦੀ ਅਗਵਾਈ ਹੇਠ ਸੰਗਤੀ ਰੂਪ ਵਿੱਚ ਹੋਵੇਗਾ ਗੁਰੂ ਘਰ ਦਾ ਪ੍ਰਬੰਧ
ਕੈਨੇਡਾ ( ਮਨਿੰਦਰ) ਵੌਦਰੁਏ-ਡੋਰੀਅਨ ਵਿੱਚ ਬਾਬਾ ਬੁੱਢਾ ਜੀ ਗੁਰਦੁਆਰਾ ਸਾਹਿਬ ਦੀ ਸਥਾਪਨਾ ਨੂੰ ਲੈ ਕੇ ਸੰਗਤ ਵੱਲੋਂ ਇੱਕ ਨਵੀਂ ਅਤੇ ਵੱਖਰੀ ਸੰਗਤੀ ਪ੍ਰਬੰਧ ਪ੍ਰਣਾਲੀ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਉਪਰਾਲੇ ਤਹਿਤ ਰਵਾਇਤੀ ਤੌਰ ’ਤੇ ਇੱਕ ਪ੍ਰਧਾਨ ਜਾਂ ਕਮੇਟੀ ਨੂੰ ਕੇਂਦਰ ਵਿੱਚ ਰੱਖਣ ਦੀ ਬਜਾਏ ਗੁਰੂ ਘਰ ਦਾ ਪ੍ਰਬੰਧ ਸੰਗਤੀ ਰੂਪ ਵਿੱਚ ਪੰਜ ਸਿੰਘਾਂ ਦੀ ਅਗਵਾਈ ਹੇਠ ਚਲਾਉਣ ਦਾ ਸੰਕਲਪ ਲਿਆ ਗਿਆ ਹੈ।
ਇਸ ਨਵੇਂ ਢਾਂਚੇ ਤਹਿਤ ਗੁਰੂ ਸਾਹਿਬ ਦੀ ਹਜ਼ੂਰੀ, ਗੁਰਮਤਿ ਦੀ ਭਾਵਨਾ ਅਤੇ ਸੰਗਤੀ ਪਰੰਪਰਾ ਨੂੰ ਮੁੱਖ ਰੱਖਦਿਆਂ ਪੰਜ ਸਿੰਘਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਇਹ ਪੰਜ ਸਿੰਘ ਸਮੁੱਚੀ ਸੰਗਤ ਨਾਲ ਮਿਲ ਕੇ ਬਾਬਾ ਬੁੱਢਾ ਜੀ ਗੁਰਦੁਆਰਾ ਸਾਹਿਬ ਦੀਆਂ ਸੇਵਾਵਾਂ, ਪ੍ਰਬੰਧ ਅਤੇ ਭਵਿੱਖ ਦੀਆਂ ਤਿਆਰੀਆਂ ਨੂੰ ਅੱਗੇ ਵਧਾਉਣ ਵਿੱਚ ਭੂਮਿਕਾ ਨਿਭਾਉਣਗੇ।
ਪੰਜ ਸਿੰਘਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ
ਵੌਦਰੁਏ-ਡੋਰੀਅਨ ਦੀ ਸੰਗਤ ਵੱਲੋਂ ਚੁਣੇ ਗਏ ਪੰਜ ਸਿੰਘ ਹਨ:
- ਹਰਵਿੰਦਰ ਸਿੰਘ
- ਪ੍ਰਭਜੋਤ ਸਿੰਘ
- ਗੁਰਨੂਰ ਸਿੰਘ
- ਅਜੈ ਸਿੰਘ
- ਮਨਪ੍ਰੀਤ ਸਿੰਘ
ਇਸ ਮੌਕੇ ਸੰਗਤ ਵੱਲੋਂ ਇਹ ਭਾਵਨਾ ਪ੍ਰਗਟ ਕੀਤੀ ਗਈ ਕਿ ਗੁਰੂ ਘਰ ਕਿਸੇ ਇੱਕ ਵਿਅਕਤੀ, ਪਰਿਵਾਰ ਜਾਂ ਸਮੂਹ ਦਾ ਨਹੀਂ, ਸਗੋਂ ਸਮੁੱਚੀ ਸੰਗਤ ਦਾ ਸਾਂਝਾ ਗੁਰੂ ਘਰ ਹੋਵੇਗਾ। ਹਰ ਸੰਗਤ ਮੈਂਬਰ ਨੂੰ ਗੁਰੂ ਘਰ ਨਾਲ ਜੋੜਨਾ ਅਤੇ ਸੇਵਾ ਵਿੱਚ ਭਾਗੀਦਾਰੀ ਦਾ ਮੌਕਾ ਦੇਣਾ ਇਸ ਉਪਰਾਲੇ ਦਾ ਮਹੱਤਵਪੂਰਨ ਹਿੱਸਾ ਦੱਸਿਆ ਗਿਆ।
ਛੋਟੇ-ਵੱਡੇ ਅਤੇ ਜਾਤ-ਪਾਤ ਦੇ ਭੇਦ ਤੋਂ ਉੱਪਰ ਸੰਗਤੀ ਏਕਤਾ
ਇਸ ਨਵੇਂ ਸੰਗਤੀ ਸੰਕਲਪ ਵਿੱਚ ਜਾਤ-ਪਾਤ, ਛੋਟੇ-ਵੱਡੇ ਅਤੇ ਆਪਸੀ ਵੰਡ ਤੋਂ ਉੱਪਰ ਉੱਠ ਕੇ ਸੰਗਤ ਨੂੰ ਇੱਕ ਪਰਿਵਾਰ ਵਾਂਗ ਇਕੱਠਾ ਕਰਨ ’ਤੇ ਜ਼ੋਰ ਦਿੱਤਾ ਗਿਆ ਹੈ।
ਸੰਗਤ ਵੱਲੋਂ ਕਿਹਾ ਗਿਆ ਕਿ ਗੁਰੂ ਘਰ ਵਿੱਚ ਹਰ ਵਿਅਕਤੀ ਨੂੰ ਬਰਾਬਰ ਸਤਿਕਾਰ ਮਿਲਣਾ ਚਾਹੀਦਾ ਹੈ ਅਤੇ ਕੋਈ ਵੀ ਵਿਅਕਤੀ ਆਪਣੇ ਆਪ ਨੂੰ ਗੁਰੂ ਘਰ ਤੋਂ ਦੂਰ ਜਾਂ ਛੋਟਾ ਨਾ ਸਮਝੇ।
ਇਸ ਭਾਵਨਾ ਨੂੰ ਸ੍ਰੀ ਦਰਬਾਰ ਸਾਹਿਬ ਦੇ ਚਾਰੇ ਦਰਵਾਜ਼ਿਆਂ ਦੀ ਉਦਾਹਰਨ ਨਾਲ ਜੋੜਦਿਆਂ ਕਿਹਾ ਗਿਆ ਕਿ ਜਿਸ ਤਰ੍ਹਾਂ ਸ੍ਰੀ ਦਰਬਾਰ ਸਾਹਿਬ ਦੇ ਚਾਰੇ ਦਰਵਾਜ਼ੇ ਹਰ ਦਿਸ਼ਾ ਤੋਂ ਆਉਣ ਵਾਲੀ ਸੰਗਤ ਲਈ ਖੁੱਲ੍ਹੇ ਹਨ, ਉਸੇ ਭਾਵਨਾ ਨਾਲ ਬਾਬਾ ਬੁੱਢਾ ਜੀ ਗੁਰਦੁਆਰਾ ਸਾਹਿਬ ਵੀ ਹਰ ਇੱਕ ਲਈ ਖੁੱਲ੍ਹਾ ਅਤੇ ਸਾਂਝਾ ਗੁਰੂ ਘਰ ਹੋਵੇਗਾ।
ਲੰਬੇ ਸਮੇਂ ਤੋਂ ਚੱਲ ਰਹੀ ਸੀ ਤਿਆਰੀ
ਇਸ ਸਬੰਧੀ ਜਾਣਕਾਰੀ ਦਿੰਦਿਆਂ ਲਖਬੀਰ ਸਿੰਘ ਨੇ ਦੱਸਿਆ ਕਿ ਬਾਬਾ ਬੁੱਢਾ ਜੀ ਗੁਰਦੁਆਰਾ ਸਾਹਿਬ ਦੀ ਸਥਾਪਨਾ ਅਤੇ ਸੰਗਤੀ ਪ੍ਰਬੰਧ ਦੀ ਰੂਪਰੇਖਾ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਸੰਗਤ ਨਾਲ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਲਖਬੀਰ ਸਿੰਘ, ਰੂਪਿੰਦਰ ਸਿੰਘ, ਅੰਮ੍ਰਿਤਪਾਲ ਸਿੰਘ ਅਤੇ ਗੁਰਦੇਵ ਸਿੰਘ ਵੱਲੋਂ ਮੁੱਢਲੇ ਪੱਧਰ ’ਤੇ ਸਿਰ ਜੋੜ ਕੇ ਇਸ ਸੰਕਲਪ ਨੂੰ ਤਿਆਰ ਕੀਤਾ ਗਿਆ ਅਤੇ ਬਾਅਦ ਵਿੱਚ ਇਸ ਨੂੰ ਸੰਗਤ ਦੇ ਸਾਹਮਣੇ ਰੱਖਿਆ ਗਿਆ।
ਲਖਬੀਰ ਸਿੰਘ ਮੁਤਾਬਕ ਸੰਗਤ ਵੱਲੋਂ ਇਸ ਵਿਚਾਰ ਨੂੰ ਉਤਸ਼ਾਹ ਨਾਲ ਪ੍ਰਵਾਨਗੀ ਦਿੱਤੀ ਗਈ ਅਤੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਲਈ ਫੰਡ ਇਕੱਠਾ ਕਰਨ ਵਿੱਚ ਵੀ ਸੰਗਤ ਵੱਲੋਂ ਵੱਡਾ ਸਹਿਯੋਗ ਦਿੱਤਾ ਜਾ ਰਿਹਾ ਹੈ।
ਸੰਗਤ ਦੇ ਸਹਿਯੋਗ ਨਾਲ ਤੇਜ਼ ਹੋ ਰਹੀਆਂ ਤਿਆਰੀਆਂ
ਬਾਬਾ ਬੁੱਢਾ ਜੀ ਗੁਰਦੁਆਰਾ ਸਾਹਿਬ ਦੀ ਸਥਾਪਨਾ ਲਈ ਇਸ ਸਮੇਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਸੰਗਤਾਂ ਵੱਲੋਂ ਆਪਣੀ ਸਮਰੱਥਾ ਅਨੁਸਾਰ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਇਸ ਉਪਰਾਲੇ ਨੂੰ ਅੱਗੇ ਵਧਾਉਣ ਲਈ ਲਗਾਤਾਰ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ।
ਲਖਬੀਰ ਸਿੰਘ ਨੇ ਕਿਹਾ ਕਿ ਇਹ ਉਪਰਾਲਾ ਕਿਸੇ ਵਿਅਕਤੀਗਤ ਉਪਲਬਧੀ ਵਜੋਂ ਨਹੀਂ, ਬਲਕਿ ਗੁਰੂ ਦੀ ਬਖ਼ਸ਼ਿਸ਼ ਅਤੇ ਸਮੁੱਚੀ ਸੰਗਤ ਦੀ ਸਾਂਝੀ ਸੇਵਾ ਵਜੋਂ ਦੇਖਿਆ ਜਾ ਰਿਹਾ ਹੈ।
ਦੁਨੀਆ ਭਰ ਦੀ ਸੰਗਤ ਤੱਕ ਪਹੁੰਚਾਉਣ ਦੀ ਕੋਸ਼ਿਸ਼
ਪ੍ਰਬੰਧ ਨਾਲ ਜੁੜੇ ਸਿੰਘਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਵੌਦਰੁਏ-ਡੋਰੀਅਨ ਤੋਂ ਸ਼ੁਰੂ ਕੀਤੀ ਜਾ ਰਹੀ ਇਸ ਸੰਗਤੀ ਪਿਰਤ ਦਾ ਸੰਦੇਸ਼ ਦੁਨੀਆ ਭਰ ਦੀਆਂ ਸੰਗਤਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਉਨ੍ਹਾਂ ਅਨੁਸਾਰ ਮਕਸਦ ਇਹ ਹੈ ਕਿ ਗੁਰੂ ਘਰ ਨੂੰ ਸੰਗਤੀ ਭਾਵਨਾ, ਸੇਵਾ, ਸਹਿਯੋਗ ਅਤੇ ਪਰਿਵਾਰਕ ਮਾਹੌਲ ਨਾਲ ਜੋੜ ਕੇ ਅੱਗੇ ਵਧਾਇਆ ਜਾਵੇ, ਤਾਂ ਜੋ ਹਰ ਸੰਗਤ ਮੈਂਬਰ ਆਪਣੇ ਆਪ ਨੂੰ ਗੁਰੂ ਘਰ ਦਾ ਹਿੱਸਾ ਮਹਿਸੂਸ ਕਰੇ।
ਵੌਦਰੁਏ-ਡੋਰੀਅਨ ਵਿੱਚ ਬਾਬਾ ਬੁੱਢਾ ਜੀ ਗੁਰਦੁਆਰਾ ਸਾਹਿਬ ਦੀ ਸਥਾਪਨਾ ਨਾਲ ਜੁੜੀਆਂ ਤਿਆਰੀਆਂ ਜਾਰੀ ਹਨ। ਆਉਣ ਵਾਲੇ ਸਮੇਂ ਵਿੱਚ ਇਸ ਸਬੰਧੀ ਹੋਰ ਜਾਣਕਾਰੀ ਸੰਗਤ ਨਾਲ ਸਾਂਝੀ ਕੀਤੀ ਜਾਵੇਗੀ।






ਪੰਜਾਬੀ ਭਾਈਚਾਰੇ ਨੇ ਪਰਿਵਾਰਾਂ ਸਮੇਤ ਲਿਆ ਹਿੱਸਾ;









