Friday, September 25, 2026
Home Blog

ਵੌਦਰੁਏ-ਡੋਰੀਅਨ ਵਿੱਚ ਬਾਬਾ ਬੁੱਢਾ ਜੀ ਗੁਰਦੁਆਰਾ ਸਾਹਿਬ ਦੀ ਸਥਾਪਨਾ ਲਈ ਨਵੀਂ ਸੰਗਤੀ ਪਿਰਤ

0

ਰਵਾਇਤੀ ਪ੍ਰਧਾਨ ਜਾਂ ਕਮੇਟੀ ਦੀ ਥਾਂ ਪੰਜ ਸਿੰਘਾਂ ਦੀ ਅਗਵਾਈ ਹੇਠ ਸੰਗਤੀ ਰੂਪ ਵਿੱਚ ਹੋਵੇਗਾ ਗੁਰੂ ਘਰ ਦਾ ਪ੍ਰਬੰਧ

ਕੈਨੇਡਾ ( ਮਨਿੰਦਰ) ਵੌਦਰੁਏ-ਡੋਰੀਅਨ ਵਿੱਚ ਬਾਬਾ ਬੁੱਢਾ ਜੀ ਗੁਰਦੁਆਰਾ ਸਾਹਿਬ ਦੀ ਸਥਾਪਨਾ ਨੂੰ ਲੈ ਕੇ ਸੰਗਤ ਵੱਲੋਂ ਇੱਕ ਨਵੀਂ ਅਤੇ ਵੱਖਰੀ ਸੰਗਤੀ ਪ੍ਰਬੰਧ ਪ੍ਰਣਾਲੀ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਉਪਰਾਲੇ ਤਹਿਤ ਰਵਾਇਤੀ ਤੌਰ ’ਤੇ ਇੱਕ ਪ੍ਰਧਾਨ ਜਾਂ ਕਮੇਟੀ ਨੂੰ ਕੇਂਦਰ ਵਿੱਚ ਰੱਖਣ ਦੀ ਬਜਾਏ ਗੁਰੂ ਘਰ ਦਾ ਪ੍ਰਬੰਧ ਸੰਗਤੀ ਰੂਪ ਵਿੱਚ ਪੰਜ ਸਿੰਘਾਂ ਦੀ ਅਗਵਾਈ ਹੇਠ ਚਲਾਉਣ ਦਾ ਸੰਕਲਪ ਲਿਆ ਗਿਆ ਹੈ।

ਇਸ ਨਵੇਂ ਢਾਂਚੇ ਤਹਿਤ ਗੁਰੂ ਸਾਹਿਬ ਦੀ ਹਜ਼ੂਰੀ, ਗੁਰਮਤਿ ਦੀ ਭਾਵਨਾ ਅਤੇ ਸੰਗਤੀ ਪਰੰਪਰਾ ਨੂੰ ਮੁੱਖ ਰੱਖਦਿਆਂ ਪੰਜ ਸਿੰਘਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਇਹ ਪੰਜ ਸਿੰਘ ਸਮੁੱਚੀ ਸੰਗਤ ਨਾਲ ਮਿਲ ਕੇ ਬਾਬਾ ਬੁੱਢਾ ਜੀ ਗੁਰਦੁਆਰਾ ਸਾਹਿਬ ਦੀਆਂ ਸੇਵਾਵਾਂ, ਪ੍ਰਬੰਧ ਅਤੇ ਭਵਿੱਖ ਦੀਆਂ ਤਿਆਰੀਆਂ ਨੂੰ ਅੱਗੇ ਵਧਾਉਣ ਵਿੱਚ ਭੂਮਿਕਾ ਨਿਭਾਉਣਗੇ।

ਪੰਜ ਸਿੰਘਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ

ਵੌਦਰੁਏ-ਡੋਰੀਅਨ ਦੀ ਸੰਗਤ ਵੱਲੋਂ ਚੁਣੇ ਗਏ ਪੰਜ ਸਿੰਘ ਹਨ:

  • ਹਰਵਿੰਦਰ ਸਿੰਘ
  • ਪ੍ਰਭਜੋਤ ਸਿੰਘ
  • ਗੁਰਨੂਰ ਸਿੰਘ
  • ਅਜੈ ਸਿੰਘ
  • ਮਨਪ੍ਰੀਤ ਸਿੰਘ

ਇਸ ਮੌਕੇ ਸੰਗਤ ਵੱਲੋਂ ਇਹ ਭਾਵਨਾ ਪ੍ਰਗਟ ਕੀਤੀ ਗਈ ਕਿ ਗੁਰੂ ਘਰ ਕਿਸੇ ਇੱਕ ਵਿਅਕਤੀ, ਪਰਿਵਾਰ ਜਾਂ ਸਮੂਹ ਦਾ ਨਹੀਂ, ਸਗੋਂ ਸਮੁੱਚੀ ਸੰਗਤ ਦਾ ਸਾਂਝਾ ਗੁਰੂ ਘਰ ਹੋਵੇਗਾ। ਹਰ ਸੰਗਤ ਮੈਂਬਰ ਨੂੰ ਗੁਰੂ ਘਰ ਨਾਲ ਜੋੜਨਾ ਅਤੇ ਸੇਵਾ ਵਿੱਚ ਭਾਗੀਦਾਰੀ ਦਾ ਮੌਕਾ ਦੇਣਾ ਇਸ ਉਪਰਾਲੇ ਦਾ ਮਹੱਤਵਪੂਰਨ ਹਿੱਸਾ ਦੱਸਿਆ ਗਿਆ।

ਛੋਟੇ-ਵੱਡੇ ਅਤੇ ਜਾਤ-ਪਾਤ ਦੇ ਭੇਦ ਤੋਂ ਉੱਪਰ ਸੰਗਤੀ ਏਕਤਾ

ਇਸ ਨਵੇਂ ਸੰਗਤੀ ਸੰਕਲਪ ਵਿੱਚ ਜਾਤ-ਪਾਤ, ਛੋਟੇ-ਵੱਡੇ ਅਤੇ ਆਪਸੀ ਵੰਡ ਤੋਂ ਉੱਪਰ ਉੱਠ ਕੇ ਸੰਗਤ ਨੂੰ ਇੱਕ ਪਰਿਵਾਰ ਵਾਂਗ ਇਕੱਠਾ ਕਰਨ ’ਤੇ ਜ਼ੋਰ ਦਿੱਤਾ ਗਿਆ ਹੈ।

ਸੰਗਤ ਵੱਲੋਂ ਕਿਹਾ ਗਿਆ ਕਿ ਗੁਰੂ ਘਰ ਵਿੱਚ ਹਰ ਵਿਅਕਤੀ ਨੂੰ ਬਰਾਬਰ ਸਤਿਕਾਰ ਮਿਲਣਾ ਚਾਹੀਦਾ ਹੈ ਅਤੇ ਕੋਈ ਵੀ ਵਿਅਕਤੀ ਆਪਣੇ ਆਪ ਨੂੰ ਗੁਰੂ ਘਰ ਤੋਂ ਦੂਰ ਜਾਂ ਛੋਟਾ ਨਾ ਸਮਝੇ।

ਇਸ ਭਾਵਨਾ ਨੂੰ ਸ੍ਰੀ ਦਰਬਾਰ ਸਾਹਿਬ ਦੇ ਚਾਰੇ ਦਰਵਾਜ਼ਿਆਂ ਦੀ ਉਦਾਹਰਨ ਨਾਲ ਜੋੜਦਿਆਂ ਕਿਹਾ ਗਿਆ ਕਿ ਜਿਸ ਤਰ੍ਹਾਂ ਸ੍ਰੀ ਦਰਬਾਰ ਸਾਹਿਬ ਦੇ ਚਾਰੇ ਦਰਵਾਜ਼ੇ ਹਰ ਦਿਸ਼ਾ ਤੋਂ ਆਉਣ ਵਾਲੀ ਸੰਗਤ ਲਈ ਖੁੱਲ੍ਹੇ ਹਨ, ਉਸੇ ਭਾਵਨਾ ਨਾਲ ਬਾਬਾ ਬੁੱਢਾ ਜੀ ਗੁਰਦੁਆਰਾ ਸਾਹਿਬ ਵੀ ਹਰ ਇੱਕ ਲਈ ਖੁੱਲ੍ਹਾ ਅਤੇ ਸਾਂਝਾ ਗੁਰੂ ਘਰ ਹੋਵੇਗਾ।

ਲੰਬੇ ਸਮੇਂ ਤੋਂ ਚੱਲ ਰਹੀ ਸੀ ਤਿਆਰੀ

ਇਸ ਸਬੰਧੀ ਜਾਣਕਾਰੀ ਦਿੰਦਿਆਂ ਲਖਬੀਰ ਸਿੰਘ ਨੇ ਦੱਸਿਆ ਕਿ ਬਾਬਾ ਬੁੱਢਾ ਜੀ ਗੁਰਦੁਆਰਾ ਸਾਹਿਬ ਦੀ ਸਥਾਪਨਾ ਅਤੇ ਸੰਗਤੀ ਪ੍ਰਬੰਧ ਦੀ ਰੂਪਰੇਖਾ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਸੰਗਤ ਨਾਲ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਸੀ।

ਉਨ੍ਹਾਂ ਦੱਸਿਆ ਕਿ ਲਖਬੀਰ ਸਿੰਘ, ਰੂਪਿੰਦਰ ਸਿੰਘ, ਅੰਮ੍ਰਿਤਪਾਲ ਸਿੰਘ ਅਤੇ ਗੁਰਦੇਵ ਸਿੰਘ ਵੱਲੋਂ ਮੁੱਢਲੇ ਪੱਧਰ ’ਤੇ ਸਿਰ ਜੋੜ ਕੇ ਇਸ ਸੰਕਲਪ ਨੂੰ ਤਿਆਰ ਕੀਤਾ ਗਿਆ ਅਤੇ ਬਾਅਦ ਵਿੱਚ ਇਸ ਨੂੰ ਸੰਗਤ ਦੇ ਸਾਹਮਣੇ ਰੱਖਿਆ ਗਿਆ।

ਲਖਬੀਰ ਸਿੰਘ ਮੁਤਾਬਕ ਸੰਗਤ ਵੱਲੋਂ ਇਸ ਵਿਚਾਰ ਨੂੰ ਉਤਸ਼ਾਹ ਨਾਲ ਪ੍ਰਵਾਨਗੀ ਦਿੱਤੀ ਗਈ ਅਤੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਲਈ ਫੰਡ ਇਕੱਠਾ ਕਰਨ ਵਿੱਚ ਵੀ ਸੰਗਤ ਵੱਲੋਂ ਵੱਡਾ ਸਹਿਯੋਗ ਦਿੱਤਾ ਜਾ ਰਿਹਾ ਹੈ।

ਸੰਗਤ ਦੇ ਸਹਿਯੋਗ ਨਾਲ ਤੇਜ਼ ਹੋ ਰਹੀਆਂ ਤਿਆਰੀਆਂ

ਬਾਬਾ ਬੁੱਢਾ ਜੀ ਗੁਰਦੁਆਰਾ ਸਾਹਿਬ ਦੀ ਸਥਾਪਨਾ ਲਈ ਇਸ ਸਮੇਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਸੰਗਤਾਂ ਵੱਲੋਂ ਆਪਣੀ ਸਮਰੱਥਾ ਅਨੁਸਾਰ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਇਸ ਉਪਰਾਲੇ ਨੂੰ ਅੱਗੇ ਵਧਾਉਣ ਲਈ ਲਗਾਤਾਰ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ।

ਲਖਬੀਰ ਸਿੰਘ ਨੇ ਕਿਹਾ ਕਿ ਇਹ ਉਪਰਾਲਾ ਕਿਸੇ ਵਿਅਕਤੀਗਤ ਉਪਲਬਧੀ ਵਜੋਂ ਨਹੀਂ, ਬਲਕਿ ਗੁਰੂ ਦੀ ਬਖ਼ਸ਼ਿਸ਼ ਅਤੇ ਸਮੁੱਚੀ ਸੰਗਤ ਦੀ ਸਾਂਝੀ ਸੇਵਾ ਵਜੋਂ ਦੇਖਿਆ ਜਾ ਰਿਹਾ ਹੈ।

ਦੁਨੀਆ ਭਰ ਦੀ ਸੰਗਤ ਤੱਕ ਪਹੁੰਚਾਉਣ ਦੀ ਕੋਸ਼ਿਸ਼

ਪ੍ਰਬੰਧ ਨਾਲ ਜੁੜੇ ਸਿੰਘਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਵੌਦਰੁਏ-ਡੋਰੀਅਨ ਤੋਂ ਸ਼ੁਰੂ ਕੀਤੀ ਜਾ ਰਹੀ ਇਸ ਸੰਗਤੀ ਪਿਰਤ ਦਾ ਸੰਦੇਸ਼ ਦੁਨੀਆ ਭਰ ਦੀਆਂ ਸੰਗਤਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।

ਉਨ੍ਹਾਂ ਅਨੁਸਾਰ ਮਕਸਦ ਇਹ ਹੈ ਕਿ ਗੁਰੂ ਘਰ ਨੂੰ ਸੰਗਤੀ ਭਾਵਨਾ, ਸੇਵਾ, ਸਹਿਯੋਗ ਅਤੇ ਪਰਿਵਾਰਕ ਮਾਹੌਲ ਨਾਲ ਜੋੜ ਕੇ ਅੱਗੇ ਵਧਾਇਆ ਜਾਵੇ, ਤਾਂ ਜੋ ਹਰ ਸੰਗਤ ਮੈਂਬਰ ਆਪਣੇ ਆਪ ਨੂੰ ਗੁਰੂ ਘਰ ਦਾ ਹਿੱਸਾ ਮਹਿਸੂਸ ਕਰੇ।

ਵੌਦਰੁਏ-ਡੋਰੀਅਨ ਵਿੱਚ ਬਾਬਾ ਬੁੱਢਾ ਜੀ ਗੁਰਦੁਆਰਾ ਸਾਹਿਬ ਦੀ ਸਥਾਪਨਾ ਨਾਲ ਜੁੜੀਆਂ ਤਿਆਰੀਆਂ ਜਾਰੀ ਹਨ। ਆਉਣ ਵਾਲੇ ਸਮੇਂ ਵਿੱਚ ਇਸ ਸਬੰਧੀ ਹੋਰ ਜਾਣਕਾਰੀ ਸੰਗਤ ਨਾਲ ਸਾਂਝੀ ਕੀਤੀ ਜਾਵੇਗੀ।

 

ਮੌਂਟਰੀਅਲ ਯੂਨੀਵਰਸਿਟੀ ਵੱਲੋਂ ਸਿੱਖ ਧਰਮ ਦੇ ਅਕੈਡਮਿਕ ਅਧਿਐਨ ਨੂੰ ਵੱਡਾ ਹੁਲਾਰਾ ਮਿਲੇਗਾ ਮਾਨਯੋਗ ਬਲਜੀਤ ਸਿੰਘ ਚੱਡਾ

0

ਮੌਂਟਰੀਅਲ ਯੂਨੀਵਰਸਿਟੀ ਵੱਲੋਂ ਸਿੱਖ ਧਰਮ ਦੇ ਅਕੈਡਮਿਕ ਅਧਿਐਨ ਨੂੰ ਵੱਡਾ ਹੁਲਾਰਾ

 

ਫਰੈਂਚ ਭਾਸ਼ਾ ਵਿੱਚ ਗ੍ਰੈਜੂਏਟ ਪੱਧਰ ਦਾ ਕੋਰਸ ਸ਼ੁਰੂ — ਸਿੱਖ ਵਿਰਾਸਤ, ਇਤਿਹਾਸ, ਗੁਰਬਾਣੀ ਅਤੇ ਦਰਸ਼ਨ ਦੀ ਹੋਵੇਗੀ ਅਕੈਡਮਿਕ ਪੜ੍ਹਾਈ

 

ਮੌਂਟਰੀਅਲ, ਕਿਊਬੈਕ:(ਮਨਿੰਦਰ )ਕੈਨੇਡਾ ਦੇ ਕਿਊਬੈਕ ਸੂਬੇ ਵਿੱਚ ਸਥਿਤ ਮਸ਼ਹੂਰ ਯੂਨੀਵਰਸਿਟੀ ਆਫ ਮੌਂਟਰੀਅਲ ਵੱਲੋਂ ਸਿੱਖ ਧਰਮ ਅਤੇ ਸਿੱਖ ਵਿਰਾਸਤ ਦੇ ਅਕੈਡਮਿਕ ਅਧਿਐਨ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਨਵੀਂ ਦਿਸ਼ਾ ਦੇਣ ਵਾਲੀ ਪਹਿਲਕਦਮੀ ਕੀਤੀ ਗਈ ਹੈ। ਯੂਨੀਵਰਸਿਟੀ ਵੱਲੋਂ ਫਰੈਂਚ ਭਾਸ਼ਾ ਵਿੱਚ ਸਿੱਖ ਧਰਮ ਅਤੇ ਸਿੱਖ ਵਿਰਾਸਤ ਨਾਲ ਸਬੰਧਤ ਗ੍ਰੈਜੂਏਟ ਪੱਧਰ ਦਾ ਅਕੈਡਮਿਕ ਕੋਰਸ ਸ਼ੁਰੂ ਕੀਤਾ ਗਿਆ ਹੈ।

ਇਸ ਪਹਿਲਕਦਮੀ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਮੌਂਟਰੀਅਲ ਦੇ ਕਾਰੋਬਾਰੀ ਮਾਨਯੋਗ ਬਲਜੀਤ ਸਿੰਘ ਚੱਡਾ ਅਤੇ ਉਨ੍ਹਾਂ ਦੀ ਪਤਨੀ ਮਨਦੀਪ ਰੋਸ਼ੀ ਕੌਰ ਚੱਡਾ ਨੇ ਇਸ ਨੂੰ ਸਿੱਖ ਧਰਮ ਦੇ ਅਕੈਡਮਿਕ ਅਧਿਐਨ ਲਈ ਇੱਕ ਮਹੱਤਵਪੂਰਨ ਕਦਮ ਕਰਾਰ ਦਿੱਤਾ ਹੈ। ਉਨ੍ਹਾਂ ਮੁਤਾਬਕ, ਫਰੈਂਚ ਭਾਸ਼ਾ ਵਿੱਚ ਸਿੱਖ ਧਰਮ ਅਤੇ ਸਿੱਖ ਵਿਰਾਸਤ ’ਤੇ ਗ੍ਰੈਜੂਏਟ ਪੱਧਰ ਦਾ ਅਕੈਡਮਿਕ ਕੋਰਸ ਸ਼ੁਰੂ ਹੋਣਾ ਇੱਕ ਇਤਿਹਾਸਕ ਉਪਰਾਲਾ ਹੈ, ਜੋ ਸਿੱਖ ਧਰਮ ਬਾਰੇ ਵਿਦਿਅਕ ਅਤੇ ਖੋਜ ਦੇ ਮੌਕਿਆਂ ਨੂੰ ਹੋਰ ਵਿਸ਼ਾਲ ਕਰੇਗਾ।

ਕੋਰਸ ਦੀ ਅਕੈਡਮਿਕ ਦੇਖ-ਰੇਖ ਦੱਖਣੀ ਏਸ਼ੀਆਈ ਪਰੰਪਰਾਵਾਂ ਅਤੇ ਸੱਭਿਆਚਾਰ ਦੀ ਮਾਹਿਰ ਪ੍ਰੋਫੈਸਰ ਜਾਇਨਾ ਦੇ ਮਥਰੋਵਾ ਵੱਲੋਂ ਕੀਤੀ ਜਾ ਰਹੀ ਹੈ। ਕੋਰਸ ਰਾਹੀਂ ਵਿਦਿਆਰਥੀਆਂ ਨੂੰ ਸਿੱਖ ਧਰਮ ਦੇ ਇਤਿਹਾਸਕ ਵਿਕਾਸ ਤੋਂ ਲੈ ਕੇ ਆਧੁਨਿਕ ਅਤੇ ਸਮਕਾਲੀ ਦੌਰ ਤੱਕ ਵੱਖ-ਵੱਖ ਪੱਖਾਂ ਦਾ ਅਕੈਡਮਿਕ ਅਧਿਐਨ ਕਰਵਾਇਆ ਜਾਵੇਗਾ।

ਅਧਿਐਨ ਦੇ ਮੁੱਖ ਵਿਸ਼ਿਆਂ ਵਿੱਚ ਸਿੱਖ ਇਤਿਹਾਸ, ਸਿੱਖ ਵਿਰਾਸਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ, ਧਾਰਮਿਕ ਰਹਿਤ-ਮਰਿਆਦਾ, ਸਿੱਖ ਸਿਧਾਂਤ, ਦਰਸ਼ਨ ਅਤੇ ਸਮਕਾਲੀ ਸਿੱਖ ਸਮਾਜ ਨਾਲ ਸਬੰਧਤ ਵਿਸ਼ੇ ਸ਼ਾਮਲ ਹੋਣਗੇ।

ਮੌਂਟਰੀਅਲ ਵਿੱਚ ਸਿੱਖ ਭਾਈਚਾਰੇ ਲਈ ਵੀ ਇਸ ਪਹਿਲਕਦਮੀ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਫਰੈਂਚ ਭਾਸ਼ਾ ਰਾਹੀਂ ਸਿੱਖ ਧਰਮ ਦਾ ਅਕੈਡਮਿਕ ਅਧਿਐਨ ਹੋਣ ਨਾਲ ਕਿਊਬੈਕ ਸਮੇਤ ਫਰੈਂਚ-ਭਾਸ਼ੀ ਦੁਨੀਆ ਵਿੱਚ ਸਿੱਖ ਇਤਿਹਾਸ, ਸੱਭਿਆਚਾਰ ਅਤੇ ਵਿਚਾਰਧਾਰਾ ਬਾਰੇ ਜਾਣਕਾਰੀ ਅਤੇ ਖੋਜ ਨੂੰ ਹੋਰ ਮਜ਼ਬੂਤੀ ਮਿਲਣ ਦੀ ਉਮੀਦ ਹੈ।

ਇਹ ਪਹਿਲਕਦਮੀ ਸਿੱਖ ਧਰਮ ਨੂੰ ਵਿਸ਼ਵ ਪੱਧਰ ’ਤੇ ਅਕੈਡਮਿਕ ਅਤੇ ਖੋਜ ਦੇ ਖੇਤਰ ਵਿੱਚ ਹੋਰ ਮਜ਼ਬੂਤ ਢੰਗ ਨਾਲ ਪੇਸ਼ ਕਰਨ ਵੱਲ ਇੱਕ ਅਹਿਮ ਕਦਮ ਵਜੋਂ ਦੇਖੀ ਜਾ ਰਹੀ ਹੈ।

ਮੌਂਟਰੀਅਲ ਵਿੱਚ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਵਰਕਰਾਂ ਦੀ ਅਹਿਮ ਮੀਟਿੰਗ

0

 

ਮੌਂਟਰੀਅਲ ਵਿੱਚ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਵਰਕਰਾਂ ਦੀ ਅਹਿਮ ਮੀਟਿੰਗ

2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਕੈਨੇਡਾ ਵਿੱਚ ਸਰਗਰਮੀਆਂ ਤੇਜ਼ ਕਰਨ ਦੀ ਰੂਪਰੇਖਾ ਤਿਆਰ

ਕੈਨੇਡਾ: (ਮਨਿੰਦਰ)ਮੌਂਟਰੀਅਲ ਵਿੱਚ ਅਕਾਲੀ ਦਲ (ਵਾਰਿਸ ਪੰਜਾਬ ਦੇ) ਨਾਲ ਸਬੰਧਤ ਪਾਰਟੀ ਵਰਕਰਾਂ ਅਤੇ ਵਲੰਟੀਅਰਾਂ ਦੀ ਇੱਕ ਅਹਿਮ ਮੀਟਿੰਗ ਹੋਈ। ਮੀਟਿੰਗ ਦੌਰਾਨ ਪੰਜਾਬ ਦੀ ਮੌਜੂਦਾ ਧਾਰਮਿਕ, ਸਿਆਸੀ ਅਤੇ ਸਮਾਜਿਕ ਸਥਿਤੀ ‘ਤੇ ਵਿਚਾਰ ਕਰਨ ਉਪਰੰਤ, 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੈਨੇਡਾ ਵਿੱਚ ਪਾਰਟੀ ਦੀਆਂ ਗਤੀਵਿਧੀਆਂ ਨੂੰ ਤੇਜ਼ ਕਰਨ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।

ਮੀਟਿੰਗ ਵਿੱਚ ਵਰਕਰਾਂ ਵੱਲੋਂ ਕਿਹਾ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਮੌਂਟਰੀਅਲ ਸਮੇਤ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪਾਰਟੀ ਦੀ ਕੈਂਪੇਨਿੰਗ ਅਤੇ ਮੈਂਬਰਸ਼ਿਪ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਵੱਡੀਆਂ ਮੀਟਿੰਗਾਂ, ਵਰਕਰ ਕਾਨਫਰੰਸਾਂ ਅਤੇ ਜਨ-ਸੰਪਰਕ ਪ੍ਰੋਗਰਾਮ ਕਰਵਾਉਣ ਦੀ ਰੂਪਰੇਖਾ ਵੀ ਤਿਆਰ ਕੀਤੀ ਜਾਵੇਗੀ।

ਪੰਜਾਬ ਦੇ ਲੋਕ ਭਾਈ ਅੰਮ੍ਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਵਜੋਂ ਦੇਖਣਾ ਚਾਹੁੰਦੇ ਹਨ”

ਮੀਟਿੰਗ ਦੌਰਾਨ ਪਾਰਟੀ ਵਰਕਰਾਂ ਵੱਲੋਂ ਇਹ ਦਾਅਵਾ ਵੀ ਕੀਤਾ ਗਿਆ ਕਿ ਪੰਜਾਬ ਦੇ ਬਹੁਤ ਸਾਰੇ ਲੋਕ ਭਾਈ ਅੰਮ੍ਰਿਤਪਾਲ ਸਿੰਘ ਨੂੰ ਭਵਿੱਖ ਵਿੱਚ ਪੰਜਾਬ ਦੇ ਮੁੱਖ ਮੰਤਰੀ ਵਜੋਂ ਦੇਖਣਾ ਚਾਹੁੰਦੇ ਹਨ। ਵਰਕਰਾਂ ਦਾ ਕਹਿਣਾ ਸੀ ਕਿ ਨੌਜਵਾਨਾਂ ਅਤੇ ਪੰਜਾਬ ਦੇ ਵੱਖ-ਵੱਖ ਵਰਗਾਂ ਵਿੱਚ ਬਦਲਾਅ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਪਾਰਟੀ ਆਉਣ ਵਾਲੀਆਂ ਚੋਣਾਂ ਲਈ ਆਪਣੀ ਸਿਆਸੀ ਰਣਨੀਤੀ ਨੂੰ ਹੋਰ ਮਜ਼ਬੂਤ ਕਰੇਗੀ।

ਵਰਕਰਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਅਤੇ ਮੁੱਦਿਆਂ ਨੂੰ ਸਮਝਦਿਆਂ ਪਾਰਟੀ ਵੱਲੋਂ ਜ਼ਮੀਨੀ ਪੱਧਰ ’ਤੇ ਲੋਕਾਂ ਨਾਲ ਸੰਪਰਕ ਵਧਾਇਆ ਜਾਵੇਗਾ। ਇਸ ਦੌਰਾਨ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਅਤੇ ਪਾਰਟੀ ਦੀ ਭਵਿੱਖੀ ਸਿਆਸੀ ਭੂਮਿਕਾ ਬਾਰੇ ਵੀ ਚਰਚਾ ਕੀਤੀ ਗਈ।

ਬੰਦੀ ਸਿੰਘਾਂ ਦੀ ਰਿਹਾਈ , ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ, ਨਸ਼ਾ ਖਤਮ ਕਰਨ, ਯੋਗ ਸਿਖਿਆ ਪ੍ਰਣਾਲੀ, ਬੇਰੋਜ਼ਗਾਰੀ ਅਤੇ ਭ੍ਰਿਸ਼ਟਾਚਾਰ ਮੁੱਖ ਮੁੱਦੇ ਅਤੇ ਹੋਰ ਕਈ ਮੁੱਦੇ ਹਨ।

ਮੀਟਿੰਗ ਵਿੱਚ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਵੀ ਚਿੰਤਾ ਪ੍ਰਗਟ ਕੀਤੀ ਗਈ। ਵਰਕਰਾਂ ਨੇ ਪਾਰਟੀ ਦੇ ਮੁੱਖ ਮੁੱਦਿਆਂ ਜਿਵੇਂ ਬੰਦੀ ਸਿੰਘਾਂ ਦੀ ਰਹਾਈ, ਗੁਰੂ ਸਾਹਿਬ ਦੀ ਬੇ-ਅਦਬੀ ਦੇ ਦੋਸ਼ੀਆਂ ਨੂੰ ਸਜਾ, ਨਸ਼ਾ ਮੁਕਤ ਪੰਜਾਬ, ਬੇਰੋਜ਼ਗਾਰੀ ਅਤੇ ਭ੍ਰਿਸ਼ਟਾਚਾਰ ਖਤਮ ਕਰਨ ਨੂੰ ਪੰਜਾਬ ਦੇ ਵੱਡੇ ਮੁੱਦਿਆਂ ਵਿੱਚ ਸ਼ਾਮਲ ਕਰਦਿਆਂ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰਨ ਲਈ ਠੋਸ ਅਤੇ ਪ੍ਰਭਾਵਸ਼ਾਲੀ ਨੀਤੀਆਂ ਦੀ ਲੋੜ ਹੈ।

ਵਰਕਰਾਂ ਅਨੁਸਾਰ ਪੰਜਾਬ ਵਿੱਚ ਸਿਖਿਆ ਪ੍ਰਣਾਲੀ ਵਿੱਚ ਸੁਧਾਰ, ਰੋਜ਼ਗਾਰ ਦੇ ਮੌਕੇ ਪੈਦਾ ਕਰਨਾ, ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨਾ, ਸੁਰੱਖਿਅਤ ਮਾਹੌਲ ਸਿਰਜਣਾ,ਭ੍ਰਿਸ਼ਟਾਚਾਰ ਨੂੰ ਰੋਕਣਾ ਅਤੇ ਸੂਬੇ ਦੀ ਆਰਥਿਕਤਾ ਨੂੰ ਮਜ਼ਬੂਤ ਕਰਨਾ ਆਉਣ ਵਾਲੇ ਸਮੇਂ ਵਿੱਚ ਪਾਰਟੀ ਦੇ ਮਹੱਤਵਪੂਰਨ ਮੁੱਦੇ ਹੋਣਗੇ।

ਪੰਜਾਬ ਤੋਂ ਬਾਹਰ ਵੱਸਦੇ ਪੰਜਾਬੀ ਭਾਈਚਾਰੇ ਲਈ ਵਿਸ਼ੇਸ਼ ਨੀਤੀਆਂ ’ਤੇ ਜ਼ੋਰ

ਕੈਨੇਡਾ ਵਿੱਚ ਹੋਈ ਇਸ ਮੀਟਿੰਗ ਦੌਰਾਨ ਪੰਜਾਬ ਤੋਂ ਬਾਹਰ ਵੱਸਦੇ ਪੰਜਾਬੀ ਭਾਈਚਾਰੇ ਨਾਲ ਸਬੰਧਤ ਮੁੱਦਿਆਂ ’ਤੇ ਵੀ ਵਿਸ਼ੇਸ਼ ਚਰਚਾ ਕੀਤੀ ਗਈ। ਵਰਕਰਾਂ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦਾ ਪੰਜਾਬ ਦੀ ਆਰਥਿਕਤਾ ਅਤੇ ਵਿਕਾਸ ਵਿੱਚ ਵੱਡਾ ਯੋਗਦਾਨ ਹੈ।

ਪਾਰਟੀ ਵਰਕਰਾਂ ਨੇ ਕਿਹਾ ਕਿ ਜਦੋਂ ਅਕਾਲੀ ਦਲ (ਵਾਰਿਸ ਪੰਜਾਬ ਦੇ) ਨੂੰ ਪੰਜਾਬ ਵਿੱਚ ਸਰਕਾਰ ਬਣਾਉਣ ਦਾ ਮੌਕਾ ਮਿਲਦਾ ਹੈ ਤਾਂ ਡਾਇਸਪੋਰਾ ਭਾਈਚਾਰੇ ਲਈ ਵਿਸ਼ੇਸ਼ ਸਹੂਲਤਾਂ ਅਤੇ ਨੀਤੀਆਂ ਲਿਆਉਣ ਵੱਲ ਧਿਆਨ ਦਿੱਤਾ ਜਾਵੇਗਾ। ਵਿਦੇਸ਼ਾਂ ਵਿੱਚ ਰਹਿਣ ਵਾਲੇ ਪੰਜਾਬੀਆਂ ਨਾਲ ਸਬੰਧਤ ਜਾਇਦਾਦੀ ਮਾਮਲਿਆਂ, ਨਿਵੇਸ਼ ਅਤੇ ਪੰਜਾਬ ਨਾਲ ਜੁੜੇ ਹੋਰ ਮੁੱਦਿਆਂ ਨੂੰ ਵੀ ਪਹਿਲ ਦੇਣ ਬਾਰੇ ਵਿਚਾਰ ਕੀਤਾ ਗਿਆ।

ਆਉਣ ਵਾਲੇ ਸਮੇਂ ਵਿੱਚ ਚੋਣ ਮੈਨੀਫੈਸਟੋ ਤਿਆਰ ਕਰਨ ਦੀ ਤਿਆਰੀ

ਮੀਟਿੰਗ ਵਿੱਚ ਇਹ ਵੀ ਕਿਹਾ ਗਿਆ ਕਿ ਪਾਰਟੀ ਵੱਲੋਂ ਆਉਣ ਵਾਲੇ ਸਮੇਂ ਵਿੱਚ ਚੋਣ ਮੈਨੀਫੈਸਟੋ ਤਿਆਰ ਕਰਨ ਲਈ ਵੱਖ-ਵੱਖ ਵਰਗਾਂ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਮੈਨੀਫੈਸਟੋ ਵਿੱਚ ਪੰਜਾਬ ਦੇ ਹਰ ਵਰਗ, ਕਿਸਾਨਾਂ, ਵਪਾਰੀਆਂ, ਮਜ਼ਦੂਰਾਂ, ਪੰਜਾਬ ਤੋਂ ਬਾਹਰ ਵੱਸਣ ਵਾਲੇ ਭਾਈਚਾਰੇ ਅਤੇ ਆਮ ਲੋਕਾਂ ਨਾਲ ਸਬੰਧਤ ਮੁੱਦਿਆਂ ਨੂੰ ਸ਼ਾਮਲ ਕਰਨ ਬਾਰੇ ਵਿਚਾਰ ਕੀਤਾ ਜਾਵੇਗਾ।

ਵਰਕਰਾਂ ਨੇ ਕਿਹਾ ਕਿ 2027 ਦੀਆਂ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪਾਰਟੀ ਦੀਆਂ ਮੀਟਿੰਗਾਂ ਦਾ ਸਿਲਸਿਲਾ ਵਧਾਇਆ ਜਾਵੇਗਾ ਅਤੇ ਪੰਜਾਬ ਨਾਲ ਜੁੜੇ ਮੁੱਦਿਆਂ ਬਾਰੇ ਭਾਈਚਾਰੇ ਨਾਲ ਲਗਾਤਾਰ ਸੰਪਰਕ ਬਣਾਇਆ ਜਾਵੇਗਾ।

ਮੀਟਿੰਗ ਵਿੱਚ ਕਈ ਵਰਕਰ ਅਤੇ ਵਲੰਟੀਅਰ ਰਹੇ ਮੌਜੂਦ

ਇਸ ਮੌਕੇ ਰਾਜਵਿੰਦਰ ਸਿੰਘ, ਗੁਰਦੇਵ ਸਿੰਘ ਮੱਲੀ, ਕੁਲਬੀਰ ਸਿੰਘ ਬੱਲ, ਅੰਮ੍ਰਿਤਪਾਲ ਸਿੰਘ, ਦਲਜੀਤ ਸਿੰਘ, ਸਤਨਾਮ ਸਿੰਘ ਲੱਖੋਵਾਲ, ਲਖਬੀਰ ਸਿੰਘ, ਜਗਜੀਤ ਸਿੰਘ ਜੱਗਾ, ਰਾਣਾ, ਗੁਰਪ੍ਰੀਤ ਸਿੰਘ, ਮੇਹਰ ਸਿੰਘ ਸਮੇਤ ਹੋਰ ਪਾਰਟੀ ਵਰਕਰ ਅਤੇ ਵਲੰਟੀਅਰ ਮੌਜੂਦ ਸਨ।

 

ਨਰਿੰਦਰਜੀਤ ਸਿੰਘ ਹੁਸੈਨਪੁਰ ਨੂੰ ਕੌਮੀ ਮੀਤ ਪ੍ਰਧਾਨ ਨਿਯੁਕਤ ਕੀਤੇ ਜਾਣ ’ਤੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਖੁਸ਼ੀ ਦੀ ਲਹਿਰ

0
  • ਜ਼ਿਲ੍ਹਾ ਹੁਸ਼ਿਆਰਪੁਰ ਦੇ ਸਾਬਕਾ ਸਰਪੰਚ ਨਰਿੰਦਰਜੀਤ ਸਿੰਘ ਹੁਸੈਨਪੁਰ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੌਮੀ ਮੀਤ ਪ੍ਰਧਾਨ ਨਿਯੁਕਤ ਕੀਤੇ ਜਾਣ ’ਤੇ ਉਨ੍ਹਾਂ ਦੇ ਸਮਰਥਕਾਂ, ਸਾਥੀਆਂ ਅਤੇ ਇਲਾਕਾ ਨਿਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

ਨਰਿੰਦਰਜੀਤ ਸਿੰਘ ਹੁਸੈਨਪੁਰ ਪਿਛਲੇ ਕਰੀਬ 20 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਚਟਾਨ ਵਾਂਗ ਖੜ੍ਹੇ ਰਹੇ ਹਨ। ਪਾਰਟੀ ਪ੍ਰਤੀ ਉਨ੍ਹਾਂ ਦੀਆਂ ਸੇਵਾਵਾਂ ਅਤੇ ਲੰਬੇ ਸਮੇਂ ਦੀ ਸਰਗਰਮੀ ਨੂੰ ਦੇਖਦਿਆਂ ਪਾਰਟੀ ਹਾਈ ਕਮਾਂਡ ਵੱਲੋਂ ਉਨ੍ਹਾਂ ਨੂੰ ਕੌਮੀ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਇਸ ਮੌਕੇ ਨਰਿੰਦਰਜੀਤ ਸਿੰਘ ਹੁਸੈਨਪੁਰ ਨੇ ਪਾਰਟੀ ਹਾਈ ਕਮਾਂਡ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜਿਹੜੀ ਵੀ ਜ਼ਿੰਮੇਵਾਰੀ ਸੌਂਪੀ ਜਾਵੇਗੀ, ਉਹ ਉਸ ਨੂੰ ਪੂਰੀ ਇਮਾਨਦਾਰੀ, ਮਿਹਨਤ ਅਤੇ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੇਵਾ ਅਤੇ ਇਲਾਕੇ ਦੀ ਬਿਹਤਰੀ ਲਈ ਉਹ ਹਮੇਸ਼ਾ ਯਤਨਸ਼ੀਲ ਰਹਿਣਗੇ।

ਉਨ੍ਹਾਂ ਆਪਣੇ ਸਾਥੀਆਂ ਅਤੇ ਸਮਰਥਕਾਂ ਵੱਲੋਂ ਮਿਲ ਰਹੇ ਪਿਆਰ ਅਤੇ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤ ਜਿੱਤ ਲਈ ਪਾਰਟੀ ਵਰਕਰ ਪੂਰੀ ਮਿਹਨਤ ਕਰਨਗੇ।

ਨਰਿੰਦਰਜੀਤ ਸਿੰਘ ਹੁਸੈਨਪੁਰ ਦੇ ਸਪੁੱਤਰ ਅਮਨਦੀਪ ਸਿੰਘ ਅਤੇ ਰਮਿੰਦਰਦੀਪ ਸਿੰਘ ਵੀ ਕੈਨੇਡਾ ਵਿੱਚ ਟਰਾਂਸਪੋਰਟ ਕਾਰੋਬਾਰ ਨਾਲ ਜੁੜੇ ਹੋਣ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨਾਲ ਸਰਗਰਮੀ ਨਾਲ ਜੁੜੇ ਹੋਏ ਹਨ। ਉਹਨਾਂ ਦੇ ਭਤੀਜੇ ਅਰਿੰਦਰ ਸਿੰਘ ਜਿਲ੍ਹਾ ਯੂਥ ਪ੍ਰਧਾਨ ਵੱਲੋਂ ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ ਕੈਨੇਡਾ ਪਹੁੰਚਿਆ ਸੀ, ਜਿਸ ਦੌਰਾਨ ਹੋਈ ਮੀਟਿੰਗ ਨੇ ਵੱਡੀ ਰੈਲੀ ਦਾ ਰੂਪ ਧਾਰ ਲਿਆ ਅਤੇ ਪਾਰਟੀ ਵਰਕਰਾਂ ਤੇ ਸਮਰਥਕਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲਿਆ।

ਇਸ ਮੌਕੇ ਅਮਨਦੀਪ ਸਿੰਘ ਅਤੇ ਰਮਿੰਦਰਦੀਪ ਸਿੰਘ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।

ਕੌਰਨਵਾਲ (ਓਂਟਾਰੀਓ) ਵਿਖੇ ‘ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ’ ਦੇ ਭਵਨ ਦਾ ਸ਼ਾਨਦਾਰ ਉਦਘਾਟਨ; ਸੰਗਤਾਂ ਹੁੰਮ-ਹੁਮਾ ਕੇ ਪਹੁੰਚੀਆਂ

0

ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਅਤੇ ਢਾਡੀ ਵਾਰਾਂ ਨਾਲ ਸੰਗਤਾਂ ਹੋਈਆਂ ਨਿਹਾਲ

ਕੈਨੇਡਾ (ਮਨਿੰਦਰ) ਓਂਟਾਰੀਓ ਸੂਬੇ ਦੇ ਸ਼ਹਿਰ ਕੌਰਨਵਾਲ ਵਿੱਚ ਅਕਾਲ ਪੁਰਖ ਦੀ ਅਪਾਰ ਬਖ਼ਸ਼ਿਸ਼ ਨਾਲ ‘ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਜੀ’ ਦੇ ਨਵੇਂ ਆਲੀਸ਼ਾਨ ਅਤੇ ਸੁੰਦਰ ਭਵਨ ਦਾ ਉਦਘਾਟਨੀ ਸਮਾਰੋਹ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਸੰਪੂਰਨ ਹੋਇਆ। ਇਸ ਸ਼ੁਭ ਅਵਸਰ ‘ਤੇ ਦੂਰ-ਨੇੜਿਓਂ ਵੱਡੀ ਗਿਣਤੀ ਵਿੱਚ ਹਾਜ਼ਰ ਹੋਈਆਂ ਸੰਗਤਾਂ ਨੇ ਗੁਰੂ ਚਰਨਾਂ ਵਿੱਚ ਸ਼ੁਕਰਾਨਾ ਅਦਾ ਕੀਤਾ ਅਤੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ। ਸਮਾਗਮ ਦੀ ਆਰੰਭਤਾ ਦੌਰਾਨ ਸਭ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ।

ਇਸ ਤੋਂ ਬਾਅਦ ਇਲਾਹੀ ਗੁਰਬਾਣੀ ਦੇ ਮਨੋਹਰ ਕੀਰਤਨ ਨਾਲ ਪੂਰਾ ਪੰਡਾਲ ਗੁਰਮਤਿ ਰੰਗ ਵਿੱਚ ਰੰਗਿਆ ਗਿਆ। ਸਮਾਗਮ ਵਿੱਚ ਟੋਰਾਂਟੋ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਢਾਡੀ ਜਥਾ ਭਾਈ ਗੁਰਮੁਖ ਸਿੰਘ ਟੋਰਾਂਟੋ ਵਾਲਿਆਂ ਨੇ ਆਪਣੇ ਜੋਸ਼ੀਲੇ ਢਾਡੀ ਵਾਰਾਂ ਅਤੇ ਗੁਰੂ ਜਸ ਦੁਆਰਾ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ।

ਗੁਰਦੁਆਰਾ ਪ੍ਰਬੰਧਕਾ ਵੱਲੋਂ ਸਮਾਗਮ ਵਿੱਚ ਹਾਜ਼ਰੀ ਭਰਨ ਵਾਲੀਆਂ ਸਮੂਹ ਸੰਗਤਾਂ, ਸੇਵਾਦਾਰਾਂ ਅਤੇ ਪਹੁੰਚੇ ਸ਼ਖ਼ਸੀਅਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।

 

 

ਗੁਰਦੁਆਰਾ ਸਾਹਿਬ ਦਾ ਪਤਾ:

Guru Nanak Sikh Gurdwara Sahib

1500 Eaton Avenue, Cornwall, Ontario (K6H 5R8)

ਸੇਵਾ ਅਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ:

ਜਨਰਲ ਪੁੱਛਗਿੱਛ ਤੇ ਸੇਵਾ ਲਈ: 613-932-7551

ਸਮਾਗਮ ਅਤੇ ਪ੍ਰੋਗਰਾਮਾਂ ਦੀ ਜਾਣਕਾਰੀ: 514-971-9903

ਪ੍ਰਬੰਧਕੀ ਦਫ਼ਤਰ: 514-977-1644

ਕਾਰਨਵਾਲ ਸ਼ਹਿਰ ਸਮੂਹ ਸੰਗਤਾਂ ਵਿੱਚ ਖੁਸ਼ੀ ਦੀ ਲਹਿਰ ਗੁਰੂ ਘਰ ਦਾ ਨਵਾਂ ਭਵਨ ਸਥਾਪਿਤ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦਾ ਇਤਿਹਾਸਕ ਉਦਘਾਟਨ 2 ਅਗਸਤ ਨੂੰ

0

ਕੈਨੇਡਾ ( ਮਨਿੰਦਰ) ਸਮੂਹ ਸੰਗਤ ਲਈ ਮਾਣ ਵਾਲਾ ਪਲ ਗੁਰਬਾਣੀ, ਕੀਰਤਨ ਨਾਲ ਸੰਗਤਾਂ ਨੂੰ ਕੀਤਾ ਜਾਵੇਗਾ ਨਿਹਾਲ ਜਾਵੇਗਾ ਇਸ ਵਿਸ਼ੇਸ਼ ਸਮਾਗਮ ਕਾਰਨਵਾਲ (ਓਨਟਾਰੀਓ), ਦੇ ਸ਼ਹਿਰ ਕਾਰਨਵਾਲ ਵਿੱਚ ਸਥਿਤ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਨਵੇਂ ਭਵਨ ਦਾ ਸ਼ਾਨਦਾਰ ਉਦਘਾਟਨ ਐਤਵਾਰ, 2 ਅਗਸਤ 2026 ਨੂੰ ਕੀਤਾ ਜਾਵੇਗਾ। ਇਸ ਇਤਿਹਾਸਕ ਸਮਾਗਮ ਵਿੱਚ ਕੈਨੇਡਾ ਦੇ ਵੱਖ-ਵੱਖ ਸੂਬਿਆਂ ਤੋਂ ਸੰਗਤਾਂ ਦੇ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ। ਸਮਾਗਮ ਦੀ ਸ਼ੁਰੂਆਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਰਦਾਸ ਨਾਲ ਹੋਵੇਗੀ। ਇਸ ਤੋਂ ਬਾਅਦ ਪ੍ਰਸਿੱਧ ਰਾਗੀ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਰਾਗੀ ਢਾਡੀ ਜਥਿਆਂ ਵੱਲੋਂ ਸੰਗਤਾਂ ਨੂੰ ਗੁਰਬਾਣੀ ਨਾਲ ਨਿਹਾਲ ਕੀਤਾ ਜਾਵੇਗਾ ਅਤੇ ਸਮੂਹ ਸੰਗਤ ਲਈ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਜਾਵੇਗਾ ਕਿ ਇਹ ਗੁਰਦੁਆਰਾ ਕੇਵਲ ਇਬਾਦਤ ਦਾ ਸਥਾਨ ਹੀ ਨਹੀਂ, ਸਗੋਂ ਧਾਰਮਿਕ, ਸਮਾਜਿਕ, ਸਿੱਖਿਆਕ ਅਤੇ ਸੱਭਿਆਚਾਰਕ ਗਤੀਵਿਧੀਆਂ ਦਾ ਕੇਂਦਰ ਵੀ ਬਣੇਗਾ। ਇੱਥੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿੱਖ ਇਤਿਹਾਸ, ਗੁਰਬਾਣੀ ਅਤੇ ਪੰਜਾਬੀ ਭਾਸ਼ਾ ਨਾਲ ਜੋੜਨ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ।

ਪ੍ਰਬੰਧਕਾਂ ਵੱਲੋਂ ਸਮੂਹ ਸੰਗਤ ਅਤੇ ਸਥਾਨਕ ਭਾਈਚਾਰੇ ਨੂੰ ਪਰਿਵਾਰਾਂ ਸਮੇਤ ਹਾਜ਼ਰੀ ਭਰਨ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਇਸ ਯਾਦਗਾਰੀ ਦਿਨ ਨੂੰ ਸਾਂਝੇ ਤੌਰ ‘ਤੇ ਮਨਾਇਆ ਜਾ ਸਕੇ। ਸਥਾਨ: 1500 Eaton Ave, Cornwall, ON K6H 5R8 ਮਿਤੀ: ਐਤਵਾਰ, 2 ਅਗਸਤ 2026 ਗੁਰੂ ਘਰ ਸਿਰਫ਼ ਧਾਰਮਿਕ ਅਸਥਾਨ ਨਹੀਂ ਹੁੰਦੇ, ਸਗੋਂ ਮਨੁੱਖਤਾ, ਸੇਵਾ, ਸਮਾਨਤਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਨ ਵਾਲੇ ਕੇਂਦਰ ਹੁੰਦੇ ਹਨ। ਕਾਰਨਵਾਲ ਵਿੱਚ ਇਸ ਨਵੇਂ ਗੁਰਦੁਆਰਾ ਸਾਹਿਬ ਦਾ ਉਦਘਾਟਨ ਪੂਰੇ ਸਿੱਖ ਭਾਈਚਾਰੇ ਲਈ ਇੱਕ ਇਤਿਹਾਸਕ ਅਤੇ ਮਾਣਮੱਤਾ ਪਲ ਹੈ।

ਮਾਂਟਰੀਅਲ ਦੇ ਓਲਡ ਪੋਰਟ ਵਿਖੇ ਕੈਨੇਡਾ ਡੇਅ ਦੇ ਸ਼ਾਨਦਾਰ ਜਸ਼ਨ, ਹਜ਼ਾਰਾਂ ਦੀ ਗਿਣਤੀ ਵਿੱਚ ਉਮੜਿਆ ਜਨ-ਸੈਲਾਬ

0

ਪੰਜਾਬੀ ਭਾਈਚਾਰੇ ਨੇ ਪਰਿਵਾਰਾਂ ਸਮੇਤ ਲਿਆ ਹਿੱਸਾ;

21 ਤੋਪਾਂ ਦੀ ਸਲਾਮੀ ਅਤੇ ਆਕਰਸ਼ਕ ਆਤਿਸ਼ਬਾਜ਼ੀ ਰਹੀ ਮੁੱਖ ਖਿੱਚ

ਮਾਂਟਰੀਅਲ, 2 ਜੁਲਾਈ (SNTV ਬਿਊਰੋ):

ਬੀਤੇ ਦਿਨੀਂ ਦੇਸ਼ ਭਰ ਵਿੱਚ ਕੈਨੇਡਾ ਦਾ 159ਵਾਂ ਰਾਸ਼ਟਰੀ ਦਿਵਸ (Canada Day) ਬੇਹੱਦ ਉਤਸ਼ਾਹ, ਦੇਸ਼ ਭਗਤੀ ਅਤੇ ਭਾਈਚਾਰਕ ਸਾਂਝ ਦੀ ਭਾਵਨਾ ਨਾਲ ਮਨਾਇਆ ਗਿਆ। ਇਸੇ ਕੜੀ ਤਹਿਤ ਮਾਂਟਰੀਅਲ ਦੇ ਡਾਊਨਟਾਊਨ ਸਥਿਤ ਇਤਿਹਾਸਕ ਓਲਡ ਪੋਰਟ (Old Port) ਅਤੇ ਗ੍ਰੈਂਡ ਕੁਆਏ (Grand Quai) ਵਿਖੇ ਇੱਕ ਵਿਸ਼ਾਲ ਅਤੇ ਯਾਦਗਾਰੀ ਸਮਾਗਮ ਕਰਵਾਇਆ ਗਿਆ। ਭਾਰੀ ਗਰਮੀ ਅਤੇ ਹਿਊਮੀਡਿਟੀ (Humidex) ਦੇ ਬਾਵਜੂਦ, ਸਥਾਨਕ ਨਿਵਾਸੀਆਂ, ਦੁਨੀਆ ਭਰ ਤੋਂ ਆਏ ਸੈਲਾਨੀਆਂ ਅਤੇ ਵਿਸ਼ੇਸ਼ ਤੌਰ ‘ਤੇ ਪੰਜਾਬੀ ਭਾਈਚਾਰੇ ਨੇ ਪਰਿਵਾਰਾਂ ਸਮੇਤ ਇਸ ਮੈਗਾ ਈਵੈਂਟ ਵਿੱਚ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ।

‘ਕੈਨੇਡਾ ਓਨ ਦ ਮੂਵ’ ਵੌਕ ਨਾਲ ਹੋਈ ਸ਼ੁਰੂਆਤ

ਇਸ ਵਾਰ ਦੇ ਸਮਾਗਮ ਦਾ ਮੁੱਖ ਵਿਸ਼ਾ “In Montreal, Canada comes together in motion” (ਮਾਂਟਰੀਅਲ ਵਿੱਚ ਕੈਨੇਡਾ ਗਤੀਸ਼ੀਲਤਾ ਦੇ ਰੂਪ ਵਿੱਚ ਇਕੱਠਾ ਹੁੰਦਾ ਹੈ) ਰੱਖਿਆ ਗਿਆ ਸੀ। ਜਸ਼ਨਾਂ ਦੀ ਸ਼ੁਰੂਆਤ ਡਾਊਨਟਾਊਨ ਦੇ ਪਲੇਸ ਡਾਰਮਜ਼ (Place d’Armes) ਤੋਂ ਇੱਕ ਵਿਸ਼ੇਸ਼ ਸੈਲੀਬ੍ਰੇਸ਼ਨ ਵੌਕ “Le Canada en marche” ਨਾਲ ਹੋਈ। ਲਗਭਗ 1.3 ਕਿਲੋਮੀਟਰ ਲੰਬੀ ਇਸ ਵੌਕ ਵਿੱਚ ਵੱਖ-ਵੱਖ ਦੇਸ਼ਾਂ ਅਤੇ ਸੱਭਿਆਚਾਰਾਂ ਦੇ ਲੋਕ ਹੱਥਾਂ ਵਿੱਚ ਕੈਨੇਡੀਅਨ ਝੰਡੇ ਲੈ ਕੇ ਸ਼ਾਮਲ ਹੋਏ। ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (RCMP) ਦੇ ਪਾਈਪਸ ਅਤੇ ਡਰੱਮਜ਼ ਬੈਂਡ ਨੇ ਆਪਣੀਆਂ ਸੁਰੀਲੀਆਂ ਧੁਨਾਂ ਨਾਲ ਪੂਰੇ ਮਾਹੌਲ ਨੂੰ ਦੇਸ਼ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ।

21 ਤੋਪਾਂ ਦੀ ਸਲਾਮੀ ਅਤੇ ਨਾਗਰਿਕਤਾ ਸਮਾਰੋਹ

ਸਮਾਗਮ ਦੇ ਸਭ ਤੋਂ ਅਹਿਮ ਪਲਾਂ ਵਿੱਚ ਕੈਨੇਡੀਅਨ ਆਰਮਡ ਫੋਰਸਿਜ਼ ਵੱਲੋਂ ਦੇਸ਼ ਦੇ ਸਨਮਾਨ ਵਿੱਚ ਦਿੱਤੀ ਗਈ 21 ਤੋਪਾਂ ਦੀ ਸ਼ਾਨਦਾਰ ਸਲਾਮੀ (21-gun salute) ਸ਼ਾਮਲ ਸੀ, ਜਿਸ ਨੂੰ ਦੇਖਣ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਗਿਆ। ਇਸ ਦੇ ਤੁਰੰਤ ਬਾਅਦ ਇੱਕ ਵਿਸ਼ੇਸ਼ ਨਾਗਰਿਕਤਾ ਸਮਾਰੋਹ (Citizenship Ceremony) ਆਯੋਜਿਤ ਕੀਤਾ ਗਿਆ, ਜਿੱਥੇ ਦੁਨੀਆ ਭਰ ਤੋਂ ਆਏ ਦਰਜਨਾਂ ਨਵੇਂ ਪ੍ਰਵਾਸੀਆਂ, ਜਿਨ੍ਹਾਂ ਵਿੱਚ ਪੰਜਾਬੀ ਨੌਜਵਾਨ ਅਤੇ ਪਰਿਵਾਰ ਵੀ ਸ਼ਾਮਲ ਸਨ, ਨੇ ਕੈਨੇਡਾ ਦੇ ਵਫ਼ਾਦਾਰ ਨਾਗਰਿਕ ਬਣਨ ਦੀ ਸਹੁੰ ਚੁੱਕੀ।

ਮਲਟੀਕਲਚਰਲਿਜ਼ਮ ਦੀ ਮਿਸਾਲ:

ਸਮਾਗਮ ਵਿੱਚ ਪਹੁੰਚੇ ਪੰਜਾਬੀ ਪਰਿਵਾਰਾਂ ਨੇ ‘SNTV Canada’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹੋ ਜਿਹੇ ਰਾਸ਼ਟਰੀ ਦਿਹਾੜੇ ਨਵੀਂ ਪੀੜ੍ਹੀ ਨੂੰ ਕੈਨੇਡੀਅਨ ਸੱਭਿਆਚਾਰ, ਇੱਥੋਂ ਦੇ ਇਤਿਹਾਸ ਅਤੇ ਆਪਸੀ ਵਿਭਿੰਨਤਾ (Diversity) ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।

ਖੇਡਾਂ, ਸੰਗੀਤ ਅਤੇ ਆਤਿਸ਼ਬਾਜ਼ੀ ਦਾ ਸੁਮੇਲ

ਕੈਨੇਡਾ ਵਿੱਚ ਚੱਲ ਰਹੇ ਫੀਫਾ ਵਰਲਡ ਕੱਪ ਦੇ ਮੱਦੇਨਜ਼ਰ ਇਸ ਵਾਰ ਗ੍ਰੈਂਡ ਕੁਆਏ ਵਿਖੇ ਸੌਕਰ (Soccer) ਅਤੇ ਕੈਨੇਡਾ ਦੀ ਮਸ਼ਹੂਰ ਖੇਡ ਹਾਕੀ (Hockey) ਥੀਮ ‘ਤੇ ਆਧਾਰਿਤ ਵਿਸ਼ੇਸ਼ ਖੇਡ ਗਤੀਵਿਧੀਆਂ ਬੱਚਿਆਂ ਲਈ ਖਿੱਚ ਦਾ ਕੇਂਦਰ ਰਹੀਆਂ। ਸਾਈਟ ‘ਤੇ ਆਏ ਲੋਕਾਂ ਵਿੱਚ ਕੈਨੇਡਾ ਡੇਅ ਦੇ ਮਿੰਨੀ-ਕੇਕ ਵੀ ਵੰਡੇ ਗਏ।

ਸ਼ਾਮ ਵੇਲੇ ਮੁੱਖ ਸਟੇਜ ‘ਤੇ ਸੱਭਿਆਚਾਰਕ ਅਤੇ ਲਾਈਵ ਸੰਗੀਤ ਪ੍ਰੋਗਰਾਮਾਂ ਦੀ ਸ਼ੁਰੂਆਤ ਹੋਈ, ਜਿਸ ਵਿੱਚ ਮਸ਼ਹੂਰ ਕਲਾਕਾਰਾਂ ਜਿਵੇਂ Anyma Ora, King Melrose, ਅਤੇ William Cloutier ਨੇ ਆਪਣੀ ਲਾਈਵ ਪਰਫਾਰਮੈਂਸ ਨਾਲ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ। ਰਾਤ ਨੂੰ ਠੀਕ 10 ਵਜੇ ਅਸਮਾਨ ਵਿੱਚ ਹੋਈ ਰੰਗ-ਬਿਰੰਗੀ ਅਤੇ ਸ਼ਾਨਦਾਰ ਆਤਿਸ਼ਬਾਜ਼ੀ (Fireworks) ਨੇ ਸਭ ਦਾ ਮਨ ਮੋਹ ਲਿਆ, ਜਿਸ ਦਾ ਹਜ਼ਾਰਾਂ ਲੋਕਾਂ ਨੇ ਤਾਲੀਆਂ ਨਾਲ ਸਵਾਗਤ ਕੀਤਾ। ਕੁੱਲ ਮਿਲਾ ਕੇ, ਡਾਊਨਟਾਊਨ ਮਾਂਟਰੀਅਲ ਵਿਖੇ ਮਨਾਇਆ ਗਿਆ ਇਹ ਜਸ਼ਨ ਕੈਨੇਡੀਅਨ ਮਲਟੀਕਲਚਰਲਿਜ਼ਮ ਦੀ ਇੱਕ ਬਿਹਤਰੀਨ ਮਿਸਾਲ ਵਜੋਂ ਯਾਦ ਰੱਖਿਆ ਜਾਵੇਗਾ।

ਪੰਜਾਬੀ ਹੈਲਥ ਐਂਡ ਐਜੂਕੇਸ਼ਨ ਆਰਗੇਨਾਈਜ਼ੇਸ਼ਨ ਵੱਲੋਂ ਕਿਊਬਕ ਡੇ, ਕੈਨੇਡਾ ਡੇ ਅਤੇ ਫ਼ਾਦਰਜ਼ ਡੇ ਉਤਸ਼ਾਹ ਨਾਲ ਮਨਾਇਆ

0

 

ਪੰਜਾਬੀ ਹੈਲਥ ਐਂਡ ਐਜੂਕੇਸ਼ਨ ਆਰਗੇਨਾਈਜ਼ੇਸ਼ਨ ਵੱਲੋਂ ਆਪਣੇ ਸਮਾਜਿਕ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਦੀ ਲੜੀ ਨੂੰ ਅੱਗੇ ਵਧਾਉਂਦਿਆਂ ਕਿਊਬਕ ਡੇ, ਕੈਨੇਡਾ ਡੇ ਅਤੇ ਫ਼ਾਦਰਜ਼ ਡੇ ਬਹੁਤ ਹੀ ਉਤਸ਼ਾਹ ਅਤੇ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਮੈਂਬਰਾਂ, ਮਹਿਮਾਨਾਂ ਅਤੇ ਭਾਈਚਾਰੇ ਦੇ ਪਤਵੰਤੇ ਸੱਜਣਾਂ ਨੇ ਸ਼ਿਰਕਤ ਕੀਤੀ।

ਪ੍ਰੋਗਰਾਮ ਦੀ ਸ਼ੁਰੂਆਤ ਆਰਗੇਨਾਈਜ਼ੇਸ਼ਨ ਦੇ ਜਨਰਲ ਸਕੱਤਰ ਲੱਖਵਿੰਦਰ ਸਿੰਘ ਉੱਪਲ ਨੇ ਕੀਤੀ। ਉਨ੍ਹਾਂ ਨੇ ਆਰਗੇਨਾਈਜ਼ੇਸ਼ਨ ਦੇ ਮੁੱਖ ਉਦੇਸ਼ਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੰਸਥਾ ਦਾ ਪ੍ਰਮੁੱਖ ਮਕਸਦ ਪੰਜਾਬੀ ਭਾਈਚਾਰੇ ਵਿੱਚ ਸਿਹਤ ਅਤੇ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਹੈ। ਇਸ ਮੌਕੇ ਉਨ੍ਹਾਂ ਨੇ ਆਉਣ ਵਾਲੇ ਪ੍ਰੋਗਰਾਮਾਂ, ਖ਼ਾਸ ਕਰਕੇ ਪਰਿਵਾਰਕ ਪਿਕਨਿਕ ਅਤੇ ਯੂਥ ਲੀਡਰਸ਼ਿਪ ਕੈਂਪ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ।ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਤਰਨ ਤੇਜ ਸਿੰਘ ਹੁੰਦਲ ਨੇ ਸਮੂਹ ਮਹਿਮਾਨਾਂ ਦਾ ਨਿੱਘਾ ਸਵਾਗਤ ਕਰਦਿਆਂ ਜੀ ਆਇਆਂ ਆਖਿਆ।

ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਪੰਜਾਬ ਤੋਂ ਕੈਨੇਡਾ ਅਤੇ ਕੈਨੇਡਾ ਦੇ ਅੰਦਰ ਕਿਊਬਕ ਨੂੰ ਆਪਣਾ ਘਰ ਬਣਾਉਣ ਦੇ ਪਿੱਛੇ ਕੀ ਕਾਰਨ ਅਤੇ ਮਹੱਤਤਾ ਹੈ।ਸਮਾਗਮ ਦੀ ਸਫਲਤਾ ਵਿੱਚ ਆਰਗੇਨਾਈਜ਼ੇਸ਼ਨ ਦੇ ਬੋਰਡ ਆਫ਼ ਡਾਇਰੈਕਟਰਜ਼ ਜਗਿੰਦਰ ਸਿੰਘ ਸਿੱਧੂ, ਮੈਡਮ ਮੰਜੂ ਚੋਪੜਾ ਅਤੇ ਕਪਿਲ ਦੇਵ ਜੀ ਨੇ ਵਿਸ਼ੇਸ਼ ਯੋਗਦਾਨ ਪਾਇਆ।

 

ਆਰਗੇਨਾਈਜ਼ੇਸ਼ਨ ਦੇ ਫਾਊਂਡਰ ਮੈਂਬਰ ਗੁਰਿੰਦਰਜੀਤ ਸਿੰਘ ਨੇ ਕੈਨੇਡਾ ਅਤੇ ਪੰਜਾਬ ਦੇ ਆਪਸੀ ਰਿਸ਼ਤਿਆਂ ਨੂੰ ਦਰਸਾਉਂਦੀ ਇੱਕ ਜਾਣਕਾਰੀ ਭਰਪੂਰ ਅਤੇ ਪ੍ਰਭਾਵਸ਼ਾਲੀ ਕਵਿਤਾ ਰਾਹੀਂ ਆਪਣੇ ਵਿਚਾਰ ਸਾਂਝੇ ਕੀਤੇ, ਜਿਸ ਨੂੰ ਸਰੋਤਿਆਂ ਵੱਲੋਂ ਭਰਪੂਰ ਸਰਾਹਿਆ ਗਿਆ।ਇਸ ਮੌਕੇ ਗੁਰਦੁਆਰਾ ਸਾਹਿਬ ਕਿਊਬਕ ਦੇ ਸਾਬਕਾ ਪ੍ਰਧਾਨ ਰੂਬੀ ਅਹੂਜਾ ਨੇ ਕੈਨੇਡਾ ਦੇ ਇਤਿਹਾਸ, ਇਸ ਦੀ ਸਥਾਪਨਾ ਅਤੇ ਵਿਕਾਸ ਦੇ ਸਫ਼ਰ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਪਰਮਜੀਤ ਕੌਸ਼ਲ, ਸ਼ਮਾਇਲਾ ਸ਼ਰੀਫ, ਹਰਜੱਤ ਸਿੰਘ ਅਤੇ ਹਰਪ੍ਰੀਤ ਕੌਰ ਨੇ ਵੀ ਆਪਣੇ ਵਿਚਾਰ ਸਾਂਝੇ ਕਰਕੇ ਸਮਾਗਮ ਦੀ ਸ਼ਾਨ ਵਧਾਈ।ਮਨੋਰੰਜਨ ਦੇ ਭਾਗ ਵਿੱਚ ਪੰਜਾਬ ਦੇ ਪ੍ਰਸਿੱਧ ਗਾਇਕ ਅਤੇ ਮੌਜੂਦਾ ਸਮੇਂ ਕੈਨੇਡਾ ਵਿੱਚ ਆਪਣੀ ਕਲਾ ਦਾ ਲੋਹਾ ਮਨਵਾ ਰਹੇ ਜਸਿੰਦਰ ਸਿੰਘ ਨੇ ਆਪਣੇ ਮਿੱਠੇ ਸੁਰਾਂ ਨਾਲ ਸਮਾਗਮ ਨੂੰ ਚਾਰ ਚੰਨ ਲਗਾ ਦਿੱਤੇ। ਉਨ੍ਹਾਂ ਨੇ “ਪੁੱਤਰਾਂ ਨੂੰ ਪਿਉ ਦੀ ਸਦਾ ਲੋੜ ਹੁੰਦੀ ਹੈ”, “ਵਗਦੀ ਹਵਾ ਰਾਹੀਂ ਆਪਣੇ ਪਿੰਡ ਨੂੰ ਸਨੇਹਾ” ਸਮੇਤ ਕਈ ਪ੍ਰਸਿੱਧ ਪੰਜਾਬੀ ਗੀਤ ਪੇਸ਼ ਕੀਤੇ । ਢੋਲ ਦੀ ਤਾਲ ’ਤੇ ਪਾਈਆਂ ਬੋਲੀਆਂਅਤੇ ਰੰਗਾਰੰਗ ਪੇਸ਼ਕਾਰੀਆਂ ਨੇ ਹਾਜ਼ਰ ਮੈਂਬਰਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ ਅਤੇ ਸਮਾਗਮ ਖੁਸ਼ੀਆਂ ਦੇ ਰੰਗਾਂ ਨਾਲ ਭਰ ਗਿਆ।ਸਮਾਗਮ ਦੀ ਸਫਲਤਾ ਵਿੱਚ ਵਲੰਟੀਅਰਾਂ ਦਾ ਯੋਗਦਾਨ ਵੀ ਬੇਹੱਦ ਮਹੱਤਵਪੂਰਨ ਰਿਹਾ। ਜਸਪ੍ਰੀਤ ਸਿੰਘ, ਰਾਹੁਲ ਕੁਮਾਰ, ਚੰਦਨ ਮਲਹੋਤਰਾ, ਲਲਿਤ ਮੋਹਨ,ਲਕਸ਼ ਮਲਹੋਤਰਾ, ਗੁਰਸੇਵਕ ਸਿੰਘ, ਬੇਲਾ ਰਾਣੀ ਅਤੇ ਪ੍ਰੀਤੀ ਮਲਹੋਤਰਾ ਨੇ ਪੂਰੇ ਸਮਾਗਮ ਦੌਰਾਨ ਆਪਣੀਆਂ ਸੇਵਾਵਾਂ ਨਿਭਾਈਆਂ।ਇਸ ਸਮਾਗਮ ਨੂੰ ਦੁਨੀਆ ਭਰ ਤੱਕ ਪਹੁੰਚਾਉਣ ਲਈ ਪ੍ਰੈੱਸ ਰਿਪੋਰਟਰ ਅਤੇ ਐਡੀਟਰ ਮਨਿੰਦਰ ਨੇ ਸਮੁੱਚੇ ਪ੍ਰੋਗਰਾਮ ਦੀ ਕਵਰੇਜ ਕਰਕੇ ਆਪਣਾ ਅਹਿਮ ਯੋਗਦਾਨ ਪਾਇਆ।ਸਮਾਗਮ ਦੇ ਅੰਤ ਵਿੱਚ ਆਰਗੇਨਾਈਜ਼ੇਸ਼ਨ ਵੱਲੋਂ ਸਾਰੇ ਮਹਿਮਾਨਾਂ, ਬੁਲਾਰਿਆਂ, ਕਲਾਕਾਰਾਂ, ਵਲੰਟੀਅਰਾਂ ਅਤੇ ਸਹਿਯੋਗੀਆਂ ਦਾ ਦਿਲੋਂ ਧੰਨਵਾਦ ਕੀਤਾ ਗਿਆ। ਸਾਰੇ ਮੈਂਬਰਾਂ ਨੇ ਇਕੱਠੇ ਭੋਜਨ ਦਾ ਆਨੰਦ ਮਾਣਿਆ ਅਤੇ ਖੁਸ਼ਗਵਾਰ ਮਾਹੌਲ ਵਿੱਚ ਅਗਲੇ ਪ੍ਰੋਗਰਾਮ ਵਿੱਚ ਦੁਬਾਰਾ ਮਿਲਣ ਦੀ ਉਮੀਦ ਨਾਲ ਇੱਕ-ਦੂਜੇ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਆਪਣੇ ਘਰਾਂ ਨੂੰ ਰਵਾਨਾ ਹੋਏ।

 

ਮੌਂਟਰੀਆਲ ‘ਚ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਦੀ ਇਤਿਹਾਸਿਕ ਮੀਟਿੰਗ ਰੈਲੀ ਵਿੱਚ ਪਹੁੰਚਣ ਤੇ ਅਮਨਦੀਪ ਸਿੰਘ , ਸਰਦਾਰ ਰਮਿੰਦਰਦੀਪ ਸਿੰਘ ਸਮੂਹ ਵਰਕਰਾਂ ਸੱਜਣਾ ਮਿੱਤਰਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ

0
  1.  ਕੈਨੇਡਾ (ਮਨਿੰਦਰ) ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਦਾ ਬਫਦ ਕਨੇਡਾ ਮੌਨਟੇਅਰ ਵਿਖੇ ਪੁੱਜਣ ਤੇ ਵੱਡਾ ਮੀਟਿੰਗ ਰੈਲੀ ਇਕੱਠ ਕੀਤਾ ਗਿਆ ਸੀ ਜਿਸ ਵਿੱਚ ਪੰਜਾਬ ਦੀ ਸਿਆਸਤ ਇਸ ਵੇਲੇ ਸੱਤ ਸਮੁੰਦਰ ਪਾਰ ਕੈਨੇਡਾ ਦੀ ਧਰਤੀ ‘ਤੇ ਪੂਰੀ ਤਰ੍ਹਾਂ ਭਖ ਚੁੱਕੀ ਹੈ। ‘ਗੱਲ ਪੰਜਾਬ ਦੀ’ ਮੁਹਿੰਮ ਤਹਿਤ ਕੈਨੇਡਾ ਦੇ ਦੌਰੇ ‘ਤੇ ਆਏ ਸ਼੍ਰੋਮਣੀ ਅਕਾਲੀ ਦਲ ਦੇ ਉੱਚ ਪੱਧਰੀ ਸੀਨੀਅਰ ਵਫ਼ਦ ਦਾ ਮੌਂਟਰੀਆਲ (ਵੋਦਰਾਏ ਡੋਰਿਅਨ) ਪਹੁੰਚਣ ‘ਤੇ ਪ੍ਰਵਾਸੀ ਪੰਜਾਬੀਆਂ ਵੱਲੋਂ ਅਜਿਹਾ ਬੇਮਿਸਾਲ ਅਤੇ ਰਿਕਾਰਡਤੋੜ ਸਵਾਗਤ ਕੀਤਾ ਗਿਆ, ਇੱਕ ਸਧਾਰਨ ਸਿਆਸੀ ਮੀਟਿੰਗ ਦੇ ਰੂਪ ਵਿੱਚ ਸ਼ੁਰੂ ਹੋਇਆ ਇਹ ਪ੍ਰੋਗਰਾਮ ਦੇਖਦਿਆਂ ਹੀ ਦੇਖਦਿਆਂ ਇੱਕ ਵਿਸ਼ਾਲ ਰੈਲੀ ਵਿੱਚ ਬਦਲ ਗਿਆ। ਸਿਆਸੀ ਮਾਹਰਾਂ ਮੁਤਾਬਕ ਮੌਂਟਰੀਆਲ ਦੇ ਇਤਿਹਾਸ ਵਿੱਚ ਪੰਜਾਬ ਦੀ ਕਿਸੇ ਖੇਤਰੀ ਪਾਰਟੀ ਦਾ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਇਕੱਠ ਹੈ, ਜੋ ਦਰਸਾਉਂਦਾ ਹੈ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦੀ ਵਾਪਸੀ ਤੈਅ ਹੈ। ਐਨ.ਆਰ.ਆਈ. ਮੁਸ਼ਕਿਲਾਂ ਅਤੇ ਚੋਣਾਂ ਦੀ ਰੂਪ-ਰੇਖਾ ‘ਤੇ ਮੰਥਨਇਹ ਵਫ਼ਦ ਕੈਨੇਡਾ ਦੇ ਵੱਖ-ਵੱਖ ਵੱਡੀਆਂ ਸ਼ਹਿਰਾਂ ਵਿੱਚ ਜਾ ਕੇ ਐਨ.ਆਰ.ਆਈ. ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਸੁਣਨ ਅਤੇ ਚੋਣਾਂ ਲਈ ਨਵੀਂ ਰੂਪ-ਰੇਖਾ ਤਿਆਰ ਕਰਨ ਲਈ ਪੁੱਜਿਆ ਹੈ। ਵਫ਼ਦ ਵਿੱਚ ਸ਼ਾਮਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ—ਤੇਜਿੰਦਰ ਸਿੰਘ ਮਿੱਡੂਖੇੜਾ, ਗੁਰਪ੍ਰੀਤ ਸਿੰਘ ਝੱਬਰ, ਬਰਜਿੰਦਰ ਸਿੰਘ ਮੱਖਣ ਬਰਾੜ, ਪਰਮਜੀਤ ਸਿੰਘ ਢਿੱਲੋਂ, ਹਰਜਾਪ ਸਿੰਘ ਸੰਘਾ, ਐਡਵੋਕੇਟ ਰਾਜ ਕਮਲ ਸਿੰਘ, ਜਸਪ੍ਰੀਤ ਸਿੰਘ ਮਾਹਲਾ ਅਤੇ ਸਤਵਿੰਦਰਪਾਲ ਸਿੰਘ ਢੱਟ—ਨੇ ਪ੍ਰਵਾਸੀਆਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਪ੍ਰਵਾਸੀਆਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕਰਨ ਦਾ ਭਰੋਸਾ ਦਿੱਤਾ।ਟਕਸਾਲੀ ਪਰਿਵਾਰ ਨੇ ਸੰਭਾਲੀ ਕਮਾਨ ਇਸ ਮਹਾਨ ਇਕੱਠ ਦੀ ਅਗਵਾਈ ਅਕਾਲੀ ਦਲ ਦੇ ਟਕਸਾਲੀ ਵਰਕਰ ਅਤੇ ਪਿੰਡ ਹੁਸੈਨਪੁਰ ਲਾਲੋਵਾਲ ਦੇ ਸਾਬਕਾ ਸਰਪੰਚ ਸਰਦਾਰ ਨਰਿੰਦਰਜੀਤ ਸਿੰਘ (ਜਿਨ੍ਹਾਂ ਦੇ ਸਮੇਂ ਪਿੰਡ ਦਾ ਰਿਕਾਰਡਤੋੜ ਵਿਕਾਸ ਹੋਇਆ ਸੀ) ਦੇ ਪਰਿਵਾਰ ਵੱਲੋਂ ਕੀਤੀ ਗਈ। ਉਨ੍ਹਾਂ ਦੇ ਭਤੀਜੇ ਅਤੇ ਪਿਛਲੇ 10 ਸਾਲਾਂ ਤੋਂ ਯੂਥ ਆਗੂ ਵਜੋਂ ਸੇਵਾ ਨਿਭਾ ਰਹੇ ਅਰਮਿੰਦਰ ਸਿੰਘ, ਅਤੇ ਸਾਬਕਾ ਸਰਪੰਚ ਦੇ ਸਪੁੱਤਰਾਂ—ਸਰਦਾਰ ਅਮਨਦੀਪ ਸਿੰਘ ਤੇ ਸਰਦਾਰ ਰਮਿੰਦਰਦੀਪ ਸਿੰਘ ਦੀ ਦੇਖ-ਰੇਖ ਹੇਠ ਹੋਏ ਇਸ ਵੱਡੇ ਰੈਲੀ ਰੂਪੀ ਇਕੱਠ ਨੇ ਸਾਬਤ ਕਰ ਦਿੱਤਾ ਕਿ ਕੈਨੇਡਾ ਦੀ ਧਰਤੀ ‘ਤੇ ਅਕਾਲੀ ਦਲ ਦਾ ਆਧਾਰ ਬੇਹੱਦ ਮਜ਼ਬੂਤ ਹੈ। ਹੁਣ ਪ੍ਰਵਾਸੀਆਂ ਨੂੰ ਸਿਰਫ਼ ਅਕਾਲੀ ਦਲ ਤੋਂ ਹੀ ਆਸ ਹੈ ਜੋ ਆਪਣੇ ਮੈਨੀਫੈਸਟੋ ਵਿੱਚ ਸਾਡੇ ਲਈ ਨਵੀਂਆਂ ਸਕੀਮਾਂ ਲੈ ਕੇ ਆਵੇਗੀ।ਇਹ ਪ੍ਰਮੁੱਖ ਸ਼ਖਸੀਅਤਾਂ ਰਹੀਆਂ ਹਾਜ਼ਰ ਰੈਲੀ ਵਿੱਚ ਮੁੱਖ ਤੌਰ ‘ਤੇ ਸਰਬਦੀਪ ਸਿੰਘ ਬਾਠ, ਜਸਕਰਨ ਸਿੰਘ ਲਿਹਲ, ਗੁਰਿੰਦਰ ਸਿੰਘ ਜੋਹਲ, ਗੁਰਪ੍ਰੀਤ ਸਿੰਘ ਸ਼ੇਰਗਿੱਲ, ਜਸਵਿੰਦਰ ਸਿੰਘ ਜੱਸਾ, ਅਮਨ ਪੰਨੂ, ਹਰਨੇਕ ਪੰਨੂ, ਚਰਨਜੀਤ ਸਿੰਘ, ਬੱਲੀ ਘੁੰਮਣ, ਰਮਨੀਤ ਜੋਹਲ, ਮਨਜਿੰਦਰ ਚੰਦੀ, ਲਖਵਿੰਦਰ ਸਿੰਘ ਸ਼ੋਕਰ, ਜੱਸਾ ਭੰਡਾਲ, ਸਰਬਜੀਤ ਭੰਡਾਲ, ਜਸਪਾਲ ਢਿੱਲੋ, ਜਤਿੰਦਰ ਸਿੰਘ ਮੁਲਤਾਨੀ, ਗੁਰਕਿਰਪਾਲ ਸਿੰਘ ਤੁਲੀ, ਹਰਪਾਲ ਸਿੰਘ ਧੂਤ, ਪਲਵਿੰਦਰ ਰੰਧਾਵਾ, ਇੰਦਰਪ੍ਰੀਤ ਟਵਾਣਾ ਸਮੇਤ ਇਲਾਕੇ ਦੀਆਂ ਹੋਰ ਵੀ ਕਈ ਪ੍ਰਮੁੱਖ ਅਤੇ ਮੋਹਤਬਰ ਸ਼ਖਸੀਅਤਾਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਸੀ